486 ਵਾਂ ਪ੍ਰਕਾਸ਼ ਗੁਰਪੁਰਬ ਗੁਰੂ ਰਾਮਦਾਸ ਸਾਹਿਬ ਜੀ

ਅੰਮ੍ਰਿਤਸਰ ਸਾਹਿਬ ਦੇ ਬਾਨੀ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਅੱਜ ਤੋਂ 486 ਵਰ੍ਹੇ ਪਹਿਲਾਂ ਸੰਨ 1534 ਨੂੰ ਲਾਹੌਰ ਸ਼ਹਿਰ ਚੂਨਾ ਮੰਡੀ ਵਿਖੇ ਪਿਤਾ ਹਰਦਾਸ ਜੀ ਤੇ ਮਾਤਾ ਦਇਆ ਕੌਰ ਜੀ ਦੇ ਗ੍ਰਹਿ ਵਿਖੇ ਹੋਇਆ । ਆਪ ਜੀ ਦਾ ਪਹਿਲਾ ਨਾਮ ਜੇਠਾ ਪ੍ਰਸਿੱਧ ਹੋਇਆ । ਬਚਪਨ ਵਿੱਚ ਹੀ ਆਪ ਜੀ ਦੇ ਪਿਤਾ ਮਾਤਾ ਜੀ ਅਕਾਲ ਚਲਾਣਾ ਕਰ ਗਏ ।ਸ਼ਰੀਕਾਂ ਨੇ ਬੂਹੇ ਢੋ ਲਏ ਆਪ ਜੀ ਦੀ ਕਿਸੇ ਵੀ ਸੋਢੀ ਨੇ ਰਿਸ਼ਤੇਦਾਰਾਂ ਨੇ ਮਦਦ ਨਾ ਕੀਤੀ ਏਥੋਂ ਤੱਕ ਰੋਟੀ ਦੇਣ ਤੋਂ ਵੀ ਉਹ ਇਨਕਾਰੀ ਹੋ ਗਏ । ਪਰ ਉਹ ਇਹ ਨਹੀਂ ਜਾਣਦੇ ਸਨ ਕਿ ਜਿਸ ਭਾਈ ਜੇਠਾ ਜੀ ਲਈ ਅੱਜ ਅਸੀਂ ਬੂਹੇ ਬੰਦ ਕਰਦੇ ਹਾਂ ਕੱਲ ਨੂੰ ਇਹੋ ਗੁਰੂ ਬਣਕੇ ਦੀਨ ਦੁਖੀਆਂ ਭੁੱਖਿਆ ਲਈ ਆਪਣੇ ਘਰ ਦੇ ਦਰਵਾਜ਼ੇ ਚੌਵੀ ਘੰਟੇ ਖੋਲ ਦੇਣਗੇ । ਜਿਸਨੂੰ ਕਿਧਰੇ ਵੀ ਰੋਟੀ ਨਹੀਂ ਮਿਲੇਗੀ ਉਸਨੂੰ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਘਰੋਂ ਲੰਗਰ ਮਿਲੇਗਾ ਰਹਿੰਦੀ ਦੁਨੀਆਂ ਤੀਕਰ .....................ਜਿਸਨੂੰ ਦੁਨੀਆ ਰਿਸ਼ਤੇਦਾਰ ਠੋਕਰ ਮਾਰਨਗੇ ਉਸਨੂੰ ਕੇਵਲ ਤੇ ਕੇਵਲ ਇਹੋ ਭਾਈ ਜੇਠਾ ਜੀ ਗਲੇ ਲਗਾਉਣਗੇ । ਆਪ ਜੀ ਦੀ ਨਾਨੀ ਜੀ ਆਪ ਜੀ ਨੂੰ ਫਿਰ ਲਹੌਰ ਤੋਂ ਆਪ ਦੇ ਨਾਨਕੇ ਪਿੰਡ ਬਾਸਰਕੇ ਲੈ ਆਏ । ਬਚਪਨ ਵਿੱਚ ਆਪ ਜੀ ਨੇ ਧਰਮ ਦੀ ਕ੍ਰਿਤ ਦੀ ਨੀਂਹ ਰੱਖੀ ਹੱਥੀਂ ਘੁੰਗਣੀਆਂ ਵੇਚੀਆਂ । ਫੇਰ ਆਪ ਜੀ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਦੀ ਸ਼ਰਣ ਚ ਆਏ । ਏਥੇ ਹੀ ਆਪ ਜੀ ਦਾ ਵਿਆਹ ਬੀਬੀ ਭਾਨੀ ਜੀ ਨਾਲ ਜੋ ਕਿ ਗੁਰੂ ਅਮਰਦਾਸ ਜੀ ਦੀ ਸਪੁੱਤਰੀ ਨੇ ਉਹਨਾਂ ਨਾਲ ਹੋਇਆ । ਆਪ ਜੀ ਦੇ ਤਿੰਨ ਸਾਹਿਬਜ਼ਾਦੇ ਬਾਬਾ ਪ੍ਰਿਥੀ ਚੰਦ ਬਾਬਾ ਮਹਾਂਦੇਵ ਜੀ ਤੇ ਗੁਰੂ ਅਰਜਨ ਦੇਵ ਜੀ ਹੋਏ । ਆਪ ਜੀ ਨੇ ਬਹੁਤ ਵਰ੍ਹੇ ਗੁਰੂ ਦੀ ਗੁਰ ਸੰਗਤ ਦੀ ਸੇਵਾ ਦਿਨ ਰਾਤ ਕੀਤੀ ਗੁਰੂ ਅਮਰਦਾਸ ਜੀ ਨੇ ਆਪਣੀ ਜੋਤ ਆਪ ਜੀ ਦੇ ਹਿਰਦੇ ਚ ਟਿਕਾ ਦਿੱਤੀ ਤੇ ਭਾਈ ਜੇਠਾ ਜੀ ਤੋਂ ਗੁਰੂ ਰਾਮਦਾਸ ਬਣਾ ਦਿੱਤਾ । ਆਪ ਜੀ ਨੇ ਗੁਰੂ ਕਾ ਚੱਕ ਬਾਅਦ ਵਿੱਚ ਰਾਮਦਾਸ ਪੁਰ ਸ੍ਰੀ ਅੰਮ੍ਰਿਤਸਰ ਵਸਾਇਆ । 52 ਤਰ੍ਹਾਂ ਦੇ ਕਿਰਤੀ ਲੋਕਾਂ ਦੇ ਖਾਨਦਾਨ ਵਸਾਏ ਅੱਜ ਵੀ ਗੁਰੂ ਕਾ ਬਜ਼ਾਰ ਅੰਮ੍ਰਿਤਸਰ ਵਿਖੇ ਇਹ ਨਿਸ਼ਾਨੀ ਕਾਇਮ ਹੈ । 29 ਰਾਗਾਂ ਚ ਆਪ ਜੀ ਦੀ ਬਾਣੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ । ਗੁਰੂ ਗ੍ਰੰਥ ਸਾਹਿਬ ਜੀ ਅੰਦਰ ਜੋ 22 ਵਾਰਾਂ ਹਨ ਉਹਨਾਂ ਚੋਂ 8 ਵਾਰਾਂ ਗੁਰੂ ਰਾਮਦਾਸ ਜੀ ਦੀਆਂ ਹਨ । ਸਿੱਖ ਰਹਿਤ ਮਰਿਆਦਾ ਵਿੱਚ ਅਨੰਦ ਕਾਰਜ ਦੀ ਰਸਮ ਲਾਵਾਂ ਬਾਣੀ ਉਚਾਰਕੇ ਆਪ ਜੀ ਨੇ ਸਦੀਵੀ ਇਹ ਮਰਯਾਦਾ ਹੀ ਕਾਇਮ ਕਰ ਦਿੱਤੀ । ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ ਲਈ ਸ੍ਰੀ ਗੁਰੂ ਰਾਮਦਾਸ ਜੀ ਨੇ ਮਸੰਦ ਪ੍ਰਥਾ ਵੀ ਤੋਰੀ । ਆਪ ਜੀ ਦੇ ਨੇਤਰਾਂ ਚੋਂ ਸਦਾ ਹੀ ਵੈਰਾਗ ਗੁਰੂ ਦਾ ਪ੍ਰੇਮ ਝਲਕਦਾ ਰਹਿੰਦਾ । ਬੇਅੰਤ ਜੀਵਾਂ ਦਾ ਆਪ ਜੀ ਨੇ ਉਧਾਰ ਕੀਤਾ ਸਤਿ ਦਾ ਉਪਦੇਸ਼ ਬਖਸ਼ਕੇ ਤੇ ਅੱਜ ਵੀ ਗੁਰੂ ਰਾਮਦਾਸ ਸਾਹਿਬ ਜੀ ਕੁਲ ਖ਼ਲਕਤ ਦਾ ਉਧਰ ਕਰ ਰਹੇ ਹਨ । 2 ਨਵੰਬਰ 2020 ਨੂੰ ਸਮੁੱਚੀ ਕੌਮ ਕੁਲ ਦੁਨੀਆਂ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ 486 ਵਾਂ ਪਾਵਨ ਪ੍ਰਕਾਸ਼ ਗੁਰਪੁਰਬ ਮਨਾ ਰਹੀ ਹੈ ਮੇਰੇ ਵਲੋਂ ਆਪ ਸਭ ਸੰਗਤਾਂ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਤੇ ਦੇਸ਼ ਵਿਦੇਸ਼ ਟਾਈਮਜ਼ ਕਨੇਡਾ ਵਲੋਂ ਵੀ । ਪਰਮਜੀਤ ਸਿੰਘ ਰਾਂਣਵਾ

ਮੁੱਖ ਖਬਰਾਂ