ਟੈਕਸਾਸ ਦੀਆਂ 254 ਕਾਉਂਟੀਆਂ ਆਈਆਂ ਸਰਦੀਆਂ ਦੇ ਤੂਫਾਨ ਦੀ ਚੇਤਾਵਨੀ ਅਧੀਨ (2 ਮਿਲੀਅਨ ਲੋਕਾਂ ਦੀ ਬਿਜਲੀ ਗੁੱਲ)

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ ਫਰਿਜ਼ਨੋ (ਕੈਲੀਫੋਰਨੀਆ): ਅਮਰੀਕਾ ਦਾ ਬਹੁਤ ਸਾਰਾ ਹਿੱਸਾ ਬਰਫਬਾਰੀ ਅਤੇ ਜ਼ਬਰਦਸਤ ਠੰਢ ਦਾ ਸਾਹਮਣਾ ਕਰ ਰਿਹਾ ਹੈ।ਇਸ ਹਫਤੇ ਦੇ ਅੰਤ ਵਿੱਚ, ਸਿਆਟਲ ਨੇ ਲੱਗਭਗ ਅੱਧੀ ਸਦੀ ਵਿੱਚ ਸਭ ਤੋਂ ਜ਼ਿਆਦਾ ਬਰਫਬਾਰੀ ਵੇਖੀ ਹੈ। ਦੇਸ਼ ਵਿੱਚ ਚੱਲ ਰਹੇ ਇਸ ਮੌਸਮ ਕਰਕੇ ਤਕਰੀਬਨ 168 ਮਿਲੀਅਨ ਲੋਕ ਚਿਤਾਵਨੀ ਦੇ ਅਧੀਨ ਹਨ। ਦੱਖਣ ਅਤੇ ਉੱਤਰ ਪੂਰਬ ਵਿੱਚ ਬਰਫਬਾਰੀ ਇਕ ਵੱਡੀ ਚਿੰਤਾ ਬਣੀ ਹੋਈ ਹੈ, ਜਦਕਿ ਮਿਡਵੈਸਟ ਪਹਿਲਾਂ ਹੀ ਬਰਫੀਲੇ ਮੌਸਮ ਦਾ ਸਾਹਮਣਾ ਕਰ ਰਿਹਾ ਹੈ। ਦੇਸ਼ ਦੇ ਕਈ ਖੇਤਰਾਂ ਵਿੱਚ ਭਾਰੀ ਬਰਫਬਾਰੀ ਦੇ ਤੂਫਾਨ ਨੇ ਹਜ਼ਾਰਾਂ ਲੋਕਾਂ ਨੂੰ ਬਿਜਲੀ ਤੋਂ ਵੀ ਵਾਂਝੇ ਕਰ ਦਿੱਤਾ ਹੈ ਅਤੇ ਕਈ ਖੇਤਰਾਂ ਵਿੱਚ ਬਿਜਲੀ ਸਪਲਾਈ ਠੱਪ ਹੋਣ ਕਰਕੇ ਲੋਕਾਂ ਨੂੰ ਘਰਾਂ ਵਿੱਚ ਵੀ ਠੰਢ ਦਾ ਸਾਹਮਣਾ ਕਰਨਾ ਪਿਆ ਹੈ।ਇਸ ਤਰ੍ਹਾਂ ਦੇ ਖਰਾਬ ਮੌਸਮ ਵਿੱਚ ਟੈਕਸਾਸ 'ਚ ਪਹਿਲੀ ਵਾਰ, ਸਾਰੀਆਂ 254 ਕਾਉਂਟੀਆਂ ਸਰਦੀਆਂ ਦੇ ਤੂਫਾਨ ਦੀ ਚੇਤਾਵਨੀ ਦੇ ਅਧੀਨ ਹਨ ਅਤੇ ਡੱਲਾਸ ਦਾ ਤਾਪਮਾਨ ਪਹਿਲਾਂ ਹੀ ਅਲਾਸਕਾ ਦੇ ਐਂਕਰੇਜ ਨਾਲੋਂ ਠੰਡਾ ਹੈ। ਇੱਥੇ ਬਰਫ਼ੀਲੇ ਤੁਫ਼ਾਨ ਕਾਰਨ 2 ਮਿਲੀਅਨ ਲੋਕਾਂ ਦੀ ਬਿਜਲੀ ਗੁੱਲ ਹੈ। ਅਮਰੀਲੋ ਸ਼ਹਿਰ ਦਾ ਤਾਪਮਾਨ -8 ਡਿਗਰੀ ਫੈਰਨਹੀਟ ਰਿਕਾਰਡ ਕੀਤਾ ਗਿਆ। ਲੋਕਾਂ ਨੂੰ ਆਪਣੇ ਘਰਾਂ ਦੀ ਹੀਟ 68 ਡਿਗਰੀ ਤੇ ਰੱਖਣ ਦੀ ਸਲਾਹ ਦਿੱਤੀ ਗਈ ‘ਤੇ ਵਾਸ਼ਿੰਗ ਮਸ਼ੀਨ ਅਤੇ ਓਵਨ ਆਦਿ ਵਰਤਨ ਤੋ ਪਰਹੇਜ਼ ਕਰਨ ਲਈ ਸਰਕਾਰੀ ਹੁਕਮ ਜਾਰੀ ਹੋਏ ਹਨ। ਵਾਸ਼ਿੰਗਟਨ ਵਿੱਚ ਤਾਂ ਹਾਲਾਤ ਇੰਨੇ ਮਾੜੇ ਹਨ ਜਿਥੇ ਸ਼ਨੀਵਾਰ ਨੂੰ ਬਰਫੀਲੇ ਮੌਸਮ ਨੇ ਪੱਛਮੀ ਮਾਰਗਾਂ ਨੂੰ ਘੰਟਿਆਂ ਬੱਧੀ ਬੰਦ ਕਰ ਦਿੱਤਾ, ਜਿਸ ਨਾਲ ਡਰਾਈਵਰ ਆਪਣੀਆਂ ਕਾਰਾਂ ਵਿੱਚ ਫਸੇ ਰਹੇ। ਅਮਰੀਕਾ ਦੇ ਮੌਸਮ ਵਿਭਾਗ ਦੁਆਰਾ ਜਾਰੀ ਕੀਤੀਆਂ ਚਿਤਾਵਨੀਆਂ ਨੂੰ ਕਈ ਲੋਕ ਮੰਨਦੇ ਹੋਏ ਘਰ ਰਹਿ ਰਹੇ ਹਨ।