ਅਫਵਾਹਾਂ ’ਤੇ ਵਿਸ਼ਵਾਸ ਨਾ ਕਰੋ, ਮੈਂ ਧਰਮਕੋਟ ਤੋਂ ਹੀ 2022 ਦੀ ਚੋਣ ਲੜਾਂਗਾ : ਜਥੇ. ਤੋਤਾ ਸਿੰਘ

ਧਰਮਕੋਟ, ( ਕੁਲਵਿੰਦਰ ਸਿੰਘ ਚੰਦੀ ) :- ਵਿਧਾਨ ਸਭਾ ਹਲਕਾ ਧਰਮਕੋਟ ਤੋਂ ਚੋਣ ਨਾ ਲੜਨ ਦੀਆਂ ਚੱਲ ਰਹੀਆਂ ਅਫ਼ਵਾਹਾਂ ’ਤੇ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਤੱਤਾਂ ਵੱਲੋਂ ਅਕਾਲੀ ਦਲ ਦੀ ਚੜ੍ਹਤ ਤੋਂ ਘਬਰਾਹਟ ਮਹਿਸੂਸ ਕਰਦਿਆਂ ਅਜਿਹੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਰਤਾ ਭਰ ਵੀ ਸੱਚਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਧਰਮਕੋਟ ਤੋਂ ਹੀ ਚੋਣ ਲੜਨਗੇ ਅਤੇ ਮੇਰੀ ਜਿੱਤ ਲਈ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਅਤੇ ਆਗੂ ਆਪੋ-ਆਪਣੀਆਂ ਜ਼ਿੰਮੇਵਾਰੀਆਂ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਹਾਕਮ ਧਿਰ ਇਸ ਵਕਤ ਪੂਰੀ ਤਰ੍ਹਾਂ ਘਬਰਾਹਟ ਵਿੱਚ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ‘ਪੰਜਾਬ ਮੰਗਦਾ ਜਵਾਬ’ ਹੇਠ ਪੂਰੇ ਪੰਜਾਬ ਵਿੱਚ ਰੈਲੀਆਂ ਦਾ ਸਿਲਸਿਲਾ ਜਾਰੀ ਸੀ, ਜੋ ਕੋਰੋਨਾ ਕਰ ਕੇ ਰੋਕ ਦਿੱਤਾ। ਉਸ ਵਿੱਚ ਹੁੰਦੇ ਭਾਰੀ ਇਕੱਠਾਂ ਨੂੰ ਦੇਖ ਕੇ ਵਿਰੋਧੀ ਪਾਰਟੀਆਂ ਨੂੰ ਤਰੇਲੀਆਂ ਆ ਰਹੀਆਂ ਹਨ, ਜਿਸ ਕਰ ਕੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਚਿਹਰਿਆਂ ’ਤੇ ਕਿਸੇ ਨਾ ਕਿਸੇ ਤਰੀਕੇ ਕਿੰਤੂ-ਪਰੰਤੂ ਕਰ ਰਹੀਆਂ ਹਨ ਤਾਂ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਇਆ ਜਾ ਸਕੇ। ਪੰਜਾਬ ਦੇ ਲੋਕ ਸਮਝ ਚੁੱਕੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਸੱਤਾ ’ਤੇ ਬਿਰਾਜਮਾਨ ਕਰਨ ਤੋਂ ਸਿਵਾਏ ਕੋਈ ਚਾਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਮੰਡੀਆਂ ਦੇ ਸਿਸਟਮ ਵਿੱਚ ਕੈਪਟਨ ਸਰਕਾਰ ਦੀ ਕਾਰਜ ਪ੍ਰਣਾਲੀ ਸਭ ਨੇ ਪਰਖ ਲਈ ਹੈ ਅਤੇ ਘਰ-ਘਰ ਨੌਕਰੀ ਦੀ ਝਾਕ ਵਿਚ ਨੌਜਵਾਨ ਬੇਰੋਜ਼ਗਾਰ ਹੋ ਚੁੱਕੇ ਹਨ। ਕਿਸਾਨਾਂ ਸਿਰ ਕਰਜ਼ੇ ਦੀਆਂ ਪੰਡਾਂ ਭਾਰੀ ਹੋ ਚੁੱਕੀਆਂ ਹਨ, ਜੋ ਸਰਕਾਰ ਦੇ ਝੂਠੇ ਵਾਅਦਿਆਂ ਦੀ ਪੋਲ ਖੋਲ੍ਹਦੀਆਂ ਹਨ। ਇਥੇ ਹੀ ਬੱਸ ਨਹੀਂ ਛੱਪੜਾਂ ਦੇ ਨਿਰਮਾਣ ਦੇ ਬਹਾਨੇ ਰੇਤ ਮਾਫੀਆ ਸਰਗਰਮ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਹੁਣ ਸਿਰਫ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਵਿਕਾਸ ਮੁੜ ਤੇਜ਼ ਰਫਤਾਰ ਹੋ ਸਕਦੀ ਹੈ ਅਤੇ ਲੋਕ 2022 ਦੀਆਂ ਚੋਣਾਂ ਦੀ ਉਡੀਕ ਕਰ ਰਹੇ ਹਨ ਤਾਂ ਜੋ ਕਾਂਗਰਸ ਪਾਰਟੀ ਦਾ ਸੂਬੇ ਵਿਚੋਂ ਮੁਕੰਮਲ ਸਫਾਇਆ ਕੀਤਾ ਜਾ ਸਕੇ। ਉਨ੍ਹਾਂ ਮੋਗਾ ਹਲਕੇ ਵਿੱਚ ਚੱਲ ਰਹੀਆਂ ਅਫਵਾਹਾਂ ਬਾਰੇ ਸਪੱਸ਼ਟ ਕਰਦਿਆਂ ਕਿਹਾ ਕਿ ਮੋਗਾ ਵਿਧਾਨ ਸਭਾ ਹਲਕੇ ਤੋਂ ਦੀਪ ਮਲਹੋਤਰਾ ਨੂੰ ਟਿਕਟ ਮਿਲਣ ਦਾ ਸਵਾਲ ਪੈਦਾ ਨਹੀਂ ਹੁੰਦਾ। ਉੱਥੋਂ ਬਰਜਿੰਦਰ ਸਿੰਘ ਬਰਾੜ ਚੋਣ ਲੜਨਗੇ, ਜਿਸ ਦੀ ਮਿਹਨਤ ਨਾਲ ਮੋਗਾ ਨਗਰ ਨਿਗਮ ਦੀਆਂ ਚੋਣਾਂ ਵਿੱਚ ਅਕਾਲੀ ਦਲ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਅਜਿਹੀ ਮਿਹਨਤ ਨੂੰ ਅਕਾਲੀ ਦਲ ਕਿਵੇਂ ਅੱਖੋਂ-ਪਰੋਖੇ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਨ੍ਹਾਂ ਨੂੰ ਸਪੱਸ਼ਟ ਕਰ ਚੁੱਕੇ ਹਨ ਅਤੇ ਮੋਗਾ ਤੋਂ ਬਰਜਿੰਦਰ ਬਰਾੜ ਹੀ ਚੋਣ ਲੜਨਗੇ, ਕਿਉਂਕਿ ਪੂਰੇ ਪੰਜਾਬ ਵਿੱਚ ਨਗਰ ਨਿਗਮ ਦੀਆਂ 33 ਸੀਟਾਂ ਅਕਾਲੀ ਦਲ ਨੇ ਜਿੱਤੀਆਂ ਹਨ, ਜਿਨ੍ਹਾਂ ’ਚੋਂ 15 ਇਕੱਲੀਆਂ ਮੋਗਾ ਨਿਗਮ ਦੀਆਂ ਹਨ, ਜਿਸ ਦਾ ਸਿਹਰਾ ਬਰਜਿੰਦਰ ਬਰਾੜ ਅਤੇ ਮੋਗਾ ਹਲਕੇ ਦੇ ਮਿਹਨਤੀ ਅਕਾਲੀ ਵਰਕਰਾਂ ਨੂੰ ਜਾਂਦਾ ਹੈ। ਉਧਰ ਬਲਜਿੰਦਰ ਬਰਾੜ ਨੇ ਕਿਹਾ ਕਿ ਦੀਪ ਮਲਹੋਤਰਾ ਠੇਕੇਦਾਰੀ ਦੇ ਕੰਮਾਂ ਵਿੱਚ ਵਿਅਸਤ ਹਨ ਤੇ ਅਜਿਹੀ ਕੋਈ ਵੀ ਗੱਲ ਨਹੀਂ ਕਿ ਦੀਪ ਮਲਹੋਤਰਾ ਮੋਗਾ ਹਲਕੇ ਤੋਂ ਚੋਣ ਲੜਨਗੇ। ਮੈਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਵੀ ਛੱਡੀ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਮੈਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਨ ਲਈ ਆਫਰ ਦਿੱਤੀ ਸੀ ਅਤੇ ਮੈਂ ਉਨ੍ਹਾਂ ਨੂੰ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਸੀ ਮੈਂ ਧਰਮਕੋਟ ਹਲਕੇ ਦੀਆਂ ਸੰਗਤਾਂ ਦਾ ਕਹਿਣਾ ਨਹੀਂ ਮੋੜ ਸਕਦਾ ਹੈ। ਇਸ ਹਲਕੇ ਦੇ ਲੋਕ ਮੁੜ ਚਾਹੁੰਦੇ ਹਨ ਕਿ ਸਰਬਪੱਖੀ ਵਿਕਾਸ ਹੋਵੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੂਰੇ ਪੰਜਾਬ ਵਿੱਚ 50-60 ਸੀਟਾਂ ਦਾ ਫ਼ੈਸਲਾ ਹੋ ਚੁੱਕਿਆ ਹੈ, ਜਿਨ੍ਹਾਂ ਦਾ ਐਲਾਨ ਪੰਜਾਬ ਮੰਗਦਾ ਜਵਾਬ ਤਹਿਤ ਹਲਕਾ ਵਾਈਜ਼ ਰੈਲੀਆਂ ਵਿੱਚ ਇਹ ਕੀਤਾ ਜਾਣਾ ਸੀ, ਜਿਸ ਵਿੱਚ ਮੋਗਾ ਅਤੇ ਧਰਮਕੋਟ ਹਲਕਿਆਂ ਦੇ ਨਾਂ ਵੀ ਸਨ। ਉਨ੍ਹਾਂ ਕਿਹਾ ਕਿ ਮੋਗਾ ਵਿੱਚ 15 ਮਈ ਅਤੇ ਧਰਮਕੋਟ ਵਿਚ 7 ਮਈ ਨੂੰ ਇਹ ਰੈਲੀਆਂ ਕੀਤੀਆਂ ਜਾਣੀਆਂ ਸਨ, ਜੋ ਕੋਰੋਨਾ ਕਰ ਕੇ ਰੱਦ ਕਰ ਦਿੱਤੀਆਂ ਗਈਆਂ ਹਨ।

ਮੁੱਖ ਖਬਰਾਂ