ਬੀ.ਸੀ. ਵਿਖੇ ਸਕੂਲ ਵਿੱਚੋਂ ਬੱਚਿਆਂ ਦੇ ਪਿੰਜਰ ਮਿਲਣ ਕਰਕੇ ਲੋਕਾਂ 'ਚ ਭੜਕਿਆ ਗੁੱਸਾ

ਬੀ.ਸੀ (ਦੇਸ਼ ਵਿਦੇਸ਼ ਟਾਇਮਜ਼ ਬਿਊਰੋ): ਬ੍ਰਿਿਟਸ਼ ਕੋਲੰਬੀਆ ਦੇ ਇੱਕ ਸਾਬਕਾ ਰਿਹਾਇਸ਼ੀ ਸਕੂਲ ਵਿਚੋਂ 215 ਬੱਚਿਆਂ ਦੇ ਪਿੰਜਰ ਬਰਾਮਦ ਹੋਣ ਮਗਰੋਂ ਲੋਕਾਂ ਵਿੱਚ ਪੈਦਾ ਹੋਇਆ ਗੁੱਸਾ ਲਗਾਤਾਰ ਵੱਧਦਾ ਜਾ ਰਿਹਾ ਹੈ। ਟੰਰਾਂਟੋ ਵਿਖੇ ਐਤਵਾਰ ਨੂੰ ਇਕੱਠੇ ਹੋਏ ਮੁਜ਼ਾਹਰਾਕਾਰੀਆਂ ਨੇ ਰਿਹਾਇਸ਼ੀ ਸਕੂਲਾਂ ਦੇ ਪ੍ਰਮੁੱਖ ਆਰਕੀਟੈਕਟ ਐਜਰਟਨ ਰਾਯਰਸਨ ਦਾ ਬੁੱਤ ਤੋੜ ਦਿਤਾ। ਪਿਛਲੇ ਹਫ਼ਤੇ ਇਸ ਬੁੱਤ 'ਤੇ ਲਾਲ ਰੰਗ ਪੋਤ ਦਿਤਾ ਗਿਆ ਸੀ ਅਤੇ ਹੁਣ ਇਸ ਨੂੰ ਤੋੜ ਦਿਤਾ ਗਿਆ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਕ ਵੀਡੀਓ ਵਿਚ ਐਜਰਟਨ ਰਾਯਰਸਨ ਦਾ ਬੁੱਤ ਧਰਤੀ ’ਤੇ ਪਿਆ ਨਜ਼ਰ ਆ ਰਿਹਾ ਹੈ ਅਤੇ ਕੁਝ ਲੋਕ ਰੱਸੀ ਪਾ ਕੇ ਇਸ ਨੂੰ ਖਿੱਚ ਰਹੇ ਹਨ। ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਐਤਵਾਰ ਨੂੰ ਕੀਤੇ ਗਏ ਰੋਸ ਵਿਖਾਵੇ ਦੀ ਸ਼ੁਰੂਆਤ ਕੁਈਨਜ਼ ਪਾਰਕ ਤੋਂ ਹੋਈ ਜਿਥੇ ਰਿਹਾਇਸ਼ ਸਕੂਲ ਵਿਚੋਂ ਜਾਨ ਬਚਾਉਣ ਵਿਚ ਸਫ਼ਲ ਹੋਣ ਵਾਲੇ ਸ਼ਖਸ ਦੀ ਪੜਪੋਤੀ ਕਿਆਨਾ ਜੌਹਨਸਨ ਨੇ ਕਿਹਾ ਕਿ ਮੂਲ ਬਾਸ਼ਿੰਦਿਆਂ ਨੂੰ ਇਨਸਾਫ਼ ਚਾਹੀਦਾ ਹੈ, ਜਿਨ੍ਹਾਂ ਉਪਰ ਲਗਾਤਾਰ ਜ਼ੁਲਮ ਢਾਹੇ ਗਏ। ਸਿਰਫ਼ ਮੁਆਫ਼ੀ ਨਾਲ ਕੰਮ ਨਹੀਂ ਚੱਲਣਾ ਕਿਉਂਕਿ ਹਾਲੇ ਬਹੁਤ ਸਾਰੇ ਰਿਹਾਇਸ਼ੀ ਸਕੂਲਾਂ ਦੀ ਖੁਦਾਈ ਕੀਤੀ ਜਾਣੀ ਬਾਕੀ ਹੈ। ਕਿਆਨਾ ਨੇ ਕਿਹਾ ਕਿ ਬਗ਼ੈਰ ਜਵਾਬਦੇਹੀ ਤੈਅ ਕੀਤਿਆਂ ਅੱਗੇ ਵਧਣਾ ਮੁਸ਼ਕਲ ਹੋਵੇਗਾ।ਅੱਜ ਅਸੀਂ ਇਥੇ 215 ਬੱਚਿਆਂ ਵਾਸਤੇ ਇਕੱਠੇ ਹੋਏ ਹਾਂ। ਉਧਰ ਰਾਯਰਸਨ ਯੂਨੀਵਰਸਿਟੀ ਦੇ ਵਿਿਦਆਰਥੀਆਂ ਅਤੇ ਪ੍ਰੋਫ਼ੈਸਰਾਂ ਵੱਲੋਂ ਆਪਣੇ ਈਮੇਲ ਸਿਗਨੇਚਰ ਵਿਚੋਂ ਰਾਯਰਸਨ ਸ਼ਬਦ ਹਟਾ ਕੇ ਐਕਸ ਯੂਨੀਵਰਸਿਟੀ ਲਿਖ ਦਿਤਾ ਗਿਆ ਹੈ। ਯੂਨੀਵਰਸਿਟੀ ਦੇ ਪੱਤਰਕਾਰੀ ਵਿਭਾਗਾ ਨੇ ਆਪਣੀਆਂ ਦੋ ਪਬਲਿਕੇਸ਼ਨਜ਼ ਦਾ ਨਾਂ ਬਦਲਣ ਦਾ ਜ਼ਿਕਰ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਅਮੈਰਿਕਨ ਇੰਡੀਅਨ ਮੂਵਮੈਂਟ ਸਦ੍ਰਨ ਉਨਟਾਰੀਓ ਦੀ ਪ੍ਰਧਾਨ ਸੁਜ਼ੇਨ ਸਮੋਕ ਨੇ ਕਿਹਾ ਕਿ ਮਰਨ ਵਾਲੇ ਵੀ ਸਾਡੇ ਹੀ ਬੱਚੇ ਸਨ, ਅਜਿਹੇ ਵਿਚ ਮੇਰੇ ਅਤੇ ਮੇਰੀ ਬੇਟੀ ਵਾਸਤੇ ਲਾਜ਼ਮੀ ਹੋ ਜਾਂਦਾ ਹੈ ਕਿ ਅਸੀਂ ਰੋਸ ਵਿਖਾਵੇ ਵਿਚ ਵਧ ਚੜ੍ਹ ਕੇ ਸ਼ਮੂਲੀਅਤ ਕਰੀਏ।

ਮੁੱਖ ਖਬਰਾਂ