ਰਾਜ ਕੁੰਦਰਾ ਵਿਡੀਓ ਕੇਸ ਰਾਜ ਕੁੰਦਰਾ ਦਾ ਪੰਜਾਬ ਨਾਲ ਹੈ ਖਾਸ ਕੁਨੈਕਸ਼ਨ, ਪਿਤਾ ਦੀ ਲੁਧਿਆਣਾ 'ਚ ਸੀ ਡਾਇੰਗ ਫੈਕਟਰੀ

ਬਰਨਾਲਾ (ਰਾਮ ਸਿੰਘ ਧਨੌਲਾ) ਅਸ਼ਲੀਲ ਫਿਲਮਾਂ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਮੰਨੇ-ਪ੍ਰਮੰਨੇ ਬਿਜ਼ਨੈੱਸਮੈਨ ਰਾਜ ਕੁੰਦਰਾ ਦਾ ਪੰਜਾਬ ਨਾਲ ਖਾਸ ਕੁਨੈਕਸ਼ਨ ਰਿਹਾ ਹੈ। ਉਹ ਮੂਲ ਰੂਪ 'ਚ ਪੰਜਾਬ ਦੇ ਲੁਧਿਆਣਾ ਦੇ ਰਹਿਣ ਵਾਲੇ ਹਨ। ਰਾਜ ਕੁੰਦਰਾ ਦੇ ਪਿਤਾ ਦੀ ਲੁਧਿਆਣਾ 'ਚ ਫੈਕਟਰੀ ਸੀ ਤੇ ਬਾਅਦ 'ਚ ਉਨ੍ਹਾਂ ਦਾ ਪਰਿਵਾਰ ਲੰਡਨ ਚਲਾ ਗਿਆ ਸੀ। ਰਾਜ ਕੁੰਦਰਾ ਹਿੰਦੀ ਫਿਲਮ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਹਨ। ਰਾਜ ਕੁੰਦਰਾ ਦਾ ਜਨਮ ਹਾਲਾਂਕਿ ਲੰਡਨ 'ਚ ਹੋਇਆ, ਪਰ ਉਨ੍ਹਾਂ ਦੇ ਪਿਤਾ ਬਾਲਕਿਸ਼ਨ ਕੁੰਦਰਾ ਪੰਜਾਬ ਦੀ ਸਨਅਤੀ ਨਗਰੀ ਲੁਧਿਆਣਾ ਦੇ ਨਿਵਾਸੀ ਸਨ। ਬਾਲਕਿਸ਼ਨ ਕੁੰਦਰਾ ਦੀ ਮਾਤਾ ਰਾਣੀ ਚੌਕ ਸਥਿਤ ਕੁੰਦਰਾ ਡਾਇੰਗ ਫੈਕਟਰੀ ਸੀ ਜਿਸ ਵਿਚ ਯਾਰਨ ਡਾਇੰਗ ਹੁੰਦੀ ਸੀ। ਉਹ ਕਾਫੀ ਲੰਬੇ ਸਮੇਂ ਤਕ ਇਸ ਫੈਕਟਰੀ ਨੂੰ ਚਲਾਉਂਦੇ ਰਹੇ। ਜਾਣਕਾਰਾਂ ਦਾ ਕਹਿਣਾ ਹੈ ਕਿ ਬਾਲਕਿਸ਼ਨ ਕੁੰਦਰਾ ਦੀ ਸੋਚ ਹਮੇਸ਼ਾ ਤੋਂ ਹੀ ਵੱਡਾ ਬਿਜ਼ਨੈੱਸਮੈਨ ਬਣਨ ਦੀ ਸੀ ਤੇ ਲਗਪਗ 45 ਸਾਲ ਪਹਿਲਾਂ ਉਹ ਲੰਡਨ ਚਲੇ ਗਏ ਤੇ ਉੱਥੇ ਉਨ੍ਹਾਂ ਇਕ ਵੱਡੇ ਬਿਜ਼ਨੈੱਸਮੈਨ ਦੇ ਰੂਪ 'ਚ ਅਕਸ ਬਣਾਇਆ। ਘੰਟਾਘਰ ਚੌਕ ਨੇੜੇ ਆਰੀਆ ਮੁਹੱਲਾ 'ਚ ਰਹਿੰਦੇ ਸਨ ਕੁੰਦਰਾ ਬਾਲਕਿਸ਼ਨ ਕੁੰਦਰਾ ਦਾ ਘਰ ਮਸ਼ਹੂਰ ਘੰਟਾਘਰ ਚੌਕ ਨੇੜੇ ਆਰੀਆ ਮੁਹੱਲੇ 'ਚ ਸੀ, ਜਿੱਥੇ ਉਹ ਆਪਣੀ ਪਤਨੀ ਨਾਲ ਰਹਿੰਦੇ ਸਨ। ਜਾਣਕਾਰਾਂ ਦਾ ਕਹਿਣਾ ਹੈ ਕਿ ਬ੍ਰਿਟੇਨ ਜਾਣ ਤੋਂ ਬਾਅਦ ਬਾਲਕਿਸ਼ਨ ਕੁੰਦਰਾ ਨੇ ਉੱਥੋਂ ਦੀ ਨਾਗਰਿਕਤਾ ਹਾਸਲ ਕਰ ਲਈ ਤੇ ਰਾਜ ਕੁੰਦਰਾ ਦਾ ਜਨਮ ਵੀ ਲੰਡਨ 'ਚ ਹੀ ਹੋਇਆ। ਵਿਆਹ ਤੋਂ ਬਾਅਦ ਰਾਜ ਕੁੰਦਰਾ ਤੇ ਸ਼ਿਲਪਾ ਕੁੰਦਰਾ ਆਏ ਸਨ ਲੁਧਿਆਣਾ ਬੇਸ਼ਕ ਰਾਜ ਕੁੰਦਰਾ ਮਿਲੇਨੀਅਰ ਬਿਜ਼ਨੈੱਸਮੈਨ ਬਣ ਗਏ ਪਰ ਲੁਧਿਆਣਾ ਨਾਲ ਜੁੜੀਆਂ ਖਾਨਦਾਨੀ ਜੜ੍ਹਾਂ ਨੂੰ ਉਹ ਨਹੀਂ ਭੁੱਲੇ। ਸ਼ਿਲਪਾ ਸ਼ੈੱਟੀ ਦੇ ਨਾਲ ਵਿਆਹ ਤੋਂ ਬਾਅਦ ਉਹ ਫੁਹਾਰਾ ਚੌਕ 'ਚ ਆਪਣੀ ਜਿਊਲਰੀ ਚੇਨ ਦੇ ਪੰਜਵੇਂ ਸ਼ੋਅਰੂਮ ਦਾ ਉਦਘਾਟਨ ਕਰਨ ਮਈ 2014 'ਚ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਕੁਝ ਸਮਾਂ ਹੀ ਆਪਣੇ ਰਿਸ਼ਤੇਦਾਰਾਂ ਨਾਲ ਬਿਤਾਇਆ ਸੀ ਤੇ ਉਸ ਤੋਂ ਬਾਅਦ ਮੁੰਬਈ ਪਰਤ ਗਏ ਸਨ। ਜਾਣਕਾਰੀ ਮੁਤਾਬਕ ਰਾਜ ਕੁੰਦਰਾ ਉਸ ਵੇਲੇ ਆਪਣੇ ਖਾਨਦਾਨ ਦੇ ਲੋਕਾਂ ਨੂੰ ਮਿਲਣ ਲਈ ਕਾਫੀ ਉਤਸੁਕ ਨਜ਼ਰ ਆਏ ਸਨ। ਉਸ ਤੋਂ ਬਾਅਦ ਉਹ ਕਦੀ ਲੁਧਿਆਣਾ ਨਹੀਂ ਆਏ। 2014 'ਚ ਜਦੋਂ ਰਾਜ ਦੇ ਨਾਲ ਸ਼ਿਲਪਾ ਲੁਧਿਆਣਾ ਆਈ ਤਾਂ ਉਸ ਨੇ ਕਿਹਾ ਸੀ- 'ਮੈਂ ਇਸ ਸ਼ਹਿਰ ਦੀ ਨੂੰਹ ਹਾਂ।' ਲੁਧਿਆਣਾ ਤੋਂ ਰਿਸ਼ਤੇਦਾਰ ਤੇ ਦੋਸਤ ਗਏ ਸਨ ਰਾਜ ਤੇ ਸ਼ਿਲਪਾ ਦੇ ਵਿਆਹ 'ਚ ਮੁੰਬਈ ਬੇਸ਼ਕ ਰਾਜ ਕੁੰਦਰਾ ਤੇ ਉਨ੍ਹਾਂ ਦੇ ਪਿਤਾ ਲੰਡਨ ਦੇ ਵੱਡੇ ਰਈਸਾਂ 'ਚੋਂ ਇਕ ਹਨ ਪਰ ਉਨ੍ਹਾਂ ਆਪਣੇ ਰਿਸ਼ਤੇਦਾਰਾਂ ਨੂੰ ਕਦੀ ਨਹੀਂ ਭੁਲਾਇਆ। ਰਾਜ ਕੁੰਦਰਾ ਤੇ ਸ਼ਿਲਪਾ ਸ਼ੈੱਟੀ ਦੇ ਵਿਆਹ 'ਚ ਲੁਧਿਾਣਾ ਦੇ ਤਮਾਮ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਪਲੇਨ 'ਚ ਮੁੰਬਈ ਲਿਆਂਦਾ ਗਿਆ। ਵਿਆਹ ਦੀਆਂ ਤਮਾਮ ਰਸਮਾਂ ਤਕ ਉਨ੍ਹਾਂ ਦੀ ਖ਼ੂਬ ਮਹਿਮਾਨਨਿਵਾਜ਼ੀ ਕੀਤੀ ਗਈ। ਵਿਆਹ 'ਚ ਸ਼ਾਮਲ ਹੋਏ ਇਕ ਮਹਿਮਾਨ ਨੇ ਕਿਹਾ ਕਿ ਅਜਿਹੇ ਵਿਆਹ ਘੱਟ ਹੀ ਦੇਖਣ ਨੂੰ ਮਿਲਦੇ ਹਨ। ਵਿਆਹ ਤੋਂ ਤੁਰੰਤ ਬਾਅਦ ਨਵਾਂਸ਼ਹਿਰ ਪਹੁੰਚੇ ਸਨ ਰਾਜ ਕੁੰਦਰਾ ਤੇ ਸ਼ਿਲਪਾ ਦੱਸਿਆ ਜਾਂਦਾ ਹੈ ਕਿ ਮੁੰਬਈ 'ਚ ਵਿਆਹ ਤੋਂ ਬਾਅਦ ਰਾਜ ਕੁੰਦਰਾ ਤੇ ਸ਼ਿਲਪਾ ਸ਼ੈੱਟੀ ਕੁੰਦਰਾ ਨਵਾਂਸ਼ਹਿਰ ਸਥਿਤ ਆਪਣੇ ਜਠੇਰਿਆਂ ਵਾਲੀ ਜਗ੍ਹਾ ਦਰਸ਼ਨ ਕਰਨ ਪਹੁੰਚੇ ਸਨ। ਦੋਵੇਂ ਆਪੋ-ਆਪਣੇ ਮਾਤਾ-ਪਿਤਾ ਦੇ ਨਾਲ ਜਹਾਜ਼ 'ਚ ਚੰਡੀਗੜ੍ਹ ਪਹੁੰਚੇ ਤੇ ਉੱਥੋਂ ਨਵਾਂਸ਼ਹਿਰ ਗਏ ਸਨ। ਜਾਣਕਾਰਾਂ ਦਾ ਕਹਿਣਾ ਹੈ ਕਿ ਬੇਸ਼ਕ ਸ਼ਿਲਪਾ ਬਾਲੀਵੁੱਡ ਅਦਾਕਾਰਾ ਸੀ, ਪਰ ਵਿਆਹ ਤੋਂ ਬਾਅਦ ਸਹੁਰੇ ਵਾਲਿਆਂ ਨੇ ਤਮਾਮ ਰਸਮਾਂ ਕਰਵਾਈਆਂ ਸਨ।

ਮੁੱਖ ਖਬਰਾਂ